Close

ਸਭਿਆਚਾਰ ਅਤੇ ਰਵਾਇਤਾਂ

ਮਾਲਵਾ ਇਲਾਕੇ ਵਿਚ ਪਟਿਆਲੇ ਦਾ ਪ੍ਰਭਾਵ ਮਹਿਜ਼ ਰਾਜਨੀਤਿਕ ਅਸਰ ਤੋਂ ਕਿਤੇ ਜ਼ਿਆਦਾ ਹੈ। ਪਟਿਆਲਾ ਧਾਰਮਿਕ ਅਤੇ ਸਭਿਆਚਾਰਕ ਜੀਵਨ ਸ਼ੈਲੀ ਦਾ ਸਮਾਨਰੂਪ ਵਾਲਾ ਕੇਂਦਰ ਸੀ। ਵਿਦਿਅਕ ਤੌਰ ਤੇ ਪਟਿਆਲਾ ਮੋਹਰੀ ਸੀ। ਪਟਿਆਲਾ ਦੇਸ਼ ਦੇ ਇਸ ਹਿੱਸੇ ਵਿਚ ਪਹਿਲਾ ਅਜਿਹਾ ਸ਼ਹਿਰ ਸੀ ਜਿੱਥੇ 1870 ਵਿਚ ਡਿਗਰੀ ਕਾਲਜ ਭਾਵ ਮਹਿੰਦਰਾ ਕਾਲਜ ਸੀ। 19ਵੀਂ ਸਦੀ ਵਿਚ 70 ਦੇ ਦਸ਼ਕ ਵਿਚ ਇੱਥੇ ਪ੍ਰਸਿੱਧ ਮੁਨਸ਼ੀ ਨਵਲ ਕਿਸ਼ੋਰ ਪ੍ਰਿਟਿੰਗ ਦੀ ਸਥਾਪਨਾ ਵੀ ਹੋਈ। ਪਟਿਆਲਾ ਦੀ ਆਪਣੀ ਇਕ ਸਭਿਅਤਾ ਸੀ ਜੋ ਇਕ ਵੱਖਰੀ “ਪਟਿਆਲਵੀ” ਸਭਿੱਅਤਾ ਦੇ ਰੂਪ ਵਿਚ ਵਿਕਸਿਤ ਹੋਈ। ਪਟਿਆਲਾ ਇਕ ਅਲੱਗ ਕਿਸਮ ਦੀ ਭਵਨ ਨਿਰਮਾਣ ਕਲਾ ਦੇ ਵਿਕਾਸ ਦਾ ਗਵਾਹ ਵੀ ਰਿਹਾ ਹੈ। ਭਾਵੇਂ ਇਸ ਦੀ ਸੁੰਦਰਤਾ ਅਤੇ ਆਕਰਸ਼ਨ ਰਾਜਸਥਾਨੀ ਸ਼ੈਲੀ ਤੇ ਅਧਾਰਿਤ ਹੈ ਪਰ ਇਹ ਸਥਾਨਕ ਰੰਗਾਂ ਵਿਚ ਢਲੀ ਹੋਈ ਹੈ।

ਪਟਿਆਲਾ ਦੇ ਸਾਬਕਾ ਹੁਕਮਰਾਨਾਂ ਦੀ ਕ੍ਰਿਆਸ਼ੀਲ ਸਰਪ੍ਰਸਤੀ ਅਧੀਨ ਹਿੰਦੁਸਤਾਨੀ ਸੰਗੀਤ ਦੀ ਇਕ ਸਥਾਪਿਤ ਸ਼ੈਲੀ “ਪਟਿਆਲਾ ਘਰਾਣਾ” ਹੋਂਦ ਵਿਚ ਆਈ ਅਤੇ ਅੱਜ ਦੇ ਦੌਰ ਵਿਚ ਵੀ ਬਾਦਸਤੂਰ ਕਾਇਮ ਹੈ। ਸੰਗੀਤ ਦੇ ਇਸ ਘਰਾਣੇ ਵਿਚ ਕਈ ਪ੍ਰਸਿੱਧ ਸੰਗੀਤਕਾਰ ਹੋਏ, ਜਿਨ੍ਹਾਂ ਵਿਚੋਂ ਕਈ 18ਵੀਂ ਸਦੀ ਦੌਰਾਨ ਦਿੱਲੀ ਵਿਖੇ ਮੁਗ਼ਲ ਦਰਬਾਰ ਦੇ ਨਾਸ਼ ਤੋਂ ਬਾਅਦ ਪਟਿਆਲਾ ਆ ਕੇ ਵੱਸ ਗਏ। ਸਦੀ ਦੇ ਬਦਲਣ ਸਮੇਂ ਉਸਤਾਦ ਅਲੀ ਬਖਸ਼ ਇਸ ਘਰਾਣੇ ਦੇ ਪ੍ਰਸਿੱਧ ਪ੍ਰਤੀਨਿਧੀ ਸਨ। ਬਾਅਦ ਵਿਚ ਉਨ੍ਹਾਂ ਦੇ ਪੁੱਤਰਾਂ, ਉਸਤਾਦ ਅਖ਼ਤਰ ਹੁਸੈਨ ਖਾਨ ਅਤੇ ਉਸਤਾਦ ਬੜੇ ਗੁਲਾਮ ਅਲੀ ਖਾਨ ਨੇ ਦੁਨੀਆ ਭਰ ਵਿਚ ਨਾਮਣਾ ਖੱਟਿਆ ਅਤੇ ਪਟਿਆਲਾ ਘਰਾਣਾ ਦੀ ਸ਼ਾਨ ਨੂੰ ਚਾਰ ਚੰਨ੍ਹ ਲਗਾਏ। ਸੰਗੀਤ ਦੀ ਇਸ ਸੰਸਥਾ ਨੂੰ ਪਟਿਆਲਾ ਵਿਖੇ ਸਥਾਪਿਤ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਰਾਹੀਂ ਰਾਜ ਦੀ ਸਰਪ੍ਰਸਤੀ ਨਿਰੰਤਰ ਮਿਲਦੀ ਰਹਿੰਦੀ ਹੈ।