Close

ਭਵਨ ਨਿਰਮਾਣ

  • ਕਿਲ੍ਹਾ ਮੁਬਾਰਕ
  • ਮੋਤੀ ਬਾਗ਼ ਮਹਿਲ
  • ਸ਼ੀਸ਼ ਮਹਿਲ ਅਤੇ ਅਜਾਇਬ ਘਰ
  • ਸਰਕਾਰੀ ਮਹਿੰਦਰਾ ਕਾਲਜ
  • ਬਾਰਾਂਦਰੀ ਬਾਗ਼
  • ਬਹਾਦਰਗੜ੍ਹ ਦਾ ਕਿਲ੍ਹਾ

ਕਿਲ੍ਹਾ ਮੁਬਾਰਕ :-

ਕਿਲ੍ਹਾ ਮੁਬਾਰਕ ਪਟਿਆਲਾ

ਭ ਤੋਂ ਪਹਿਲਾਂ ਕਿਲ੍ਹਾ ਮੁਬਾਰਕ ਨੂੰ ਇਕ ਗਾਰੇ ਦੇ ਕਿਲ੍ਹੇ ਜਾਂ ਕੱਚੀ ਗੜ੍ਹੀ ਵਜੋਂ ਉਸਾਰਿਆ ਗਿਆ ਸੀ। ਸਰਹਿੰਦ ਜਿੱਤਣ ਤੋਂ ਬਾਅਦ ਬਾਬਾ ਆਲਾ ਸਿੰਘ ਜੀ ਨੇ ਪੱਕਾ ਕਿਲ੍ਹਾ ਬਣਾਇਆ। ਇਸ ਕਿਲ੍ਹੇ ਦੀ ਉਸਾਰੀ ਉਨ੍ਹਾਂ ਦੇ ਇਲਾਕੇ ਵਿਚ ਪੈਂਦੀ ਜੀ.ਟੀ. ਰੋਡ ਉਤੇ ਆਉਣ ਜਾਣ ਵਾਲੇ ਵਪਾਰੀਆਂ ਤੋਂ ਚੁੰਗੀ ਲੈ ਕੇ ਕੀਤੀ ਗਈ। ਮੌਜੂਦਾ ਕਿਲ੍ਹਾ ਦੋ ਭਾਗਾਂ ਵਿਚ ਵੰਡਿਆ ਹੋਇਆ ਹੈ, ਪਹਿਲਾ ਕਿਲ੍ਹੇ ਦਾ ਅੰਦਰੂਨ ਭਾਵ ਅੰਦਰਲਾ ਹਿੱਸਾ ਜੋ ਕਿ ਬਾਬਾ ਆਲਾ ਸਿੰਘ ਵਲੋਂ ਬਣਾਇਆ ਗਿਆ ਸੀ। ਉੱਚੇ ਸਥਾਨ ਤੇ ਬਣੇ ਇਸ ਕਿਲ੍ਹੇ ਦੇ ਅੰਦਰ ਹਲਕੀ ਚੜ੍ਹਾਈ ਹੈ। ਜਦੋਂ ਕਿ ਦੂਜਾ ਭਾਗ ਭਾਵ ਕਿਲ੍ਹਾ ਅੰਦਰੂਨ ਅਤੇ ਬਾਹਰੀ ਦੀਵਾਰਾਂ ਜਿੱਥੇ ਖੱਬੇ ਪਾਸੇ ਇਕ ਸਕੱਤਰੇਤ ਅਤੇ ਸੱਜੇ ਪਾਸੇ ਦਰਬਾਰ ਹਾਲ ਹੈ, ਦਾ ਨਿਰਮਾਣ ਮਹਾਰਾਜਾ ਕਰਮ ਸਿੰਘ ਵਲੋਂ ਕਰਵਾਇਆ ਗਿਆ। ਦਰਬਾਰ ਹਾਲ ਨੂੰ ਹੁਣ ਇਕ ਛੋਟੇ ਅਜਾਇਬ ਘਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਜਿਥੇ ਦੁਰਲਭ ਸ਼ਸ਼ਤਰ ਅਤੇ ਕਵਚ ਰਖੇ ਹੋਏ ਹਨ ਜਿਨ੍ਹਾਂ ਵਿਚ ਇਕ ਨਾਦਰ ਸ਼ਾਹ ਦੀ ਤਲਵਾਰ ਵੀ ਹੈ ਜਿਸ ਨੂੰ ”ਸ਼ਿਕਾਰ ਗਾਹ” ਕਿਹਾ ਜਾਂਦਾ ਹੈ। ਕਲਾ ਦੇ ਸਭ ਤੋਂ ਬੇਸ਼ਕੀਮਤੀ ਨਮੂਨੇ ਦਰਖਤ ਦੇ ਆਕਾਰ ਦੇ ਫਾਲੂਸ ਹਨ ਜੋ ਬੋਹੀਮੀਅਨ ਕੱਟ ਗਲਾਸ ਦੇ ਬਣੇ ਹੋਏ ਹਨ। ਜਿਨ੍ਹਾਂ ਵਿਚੋਂ ਪ੍ਰਿਜ਼ਮ ਵਰਗੀ ਚਮਕ-ਦਮਕ ਨਿਕਲਦੀ ਹੈ। ਜੋ ਵਿਅਕਤੀ ਧਾਤ ਵਿਗਿਆਨ ਅਤੇ ਬੰਦੂਕਾਂ ਵਿਚ ਰੁਚੀ ਰੱਖਦੇ ਹਨ ਉਨ੍ਹਾਂ ਵਾਸਤੇ ਕਿਲ੍ਹਾ ਮੁਬਾਰਕ ਦੇ ਅਹਾਤੇ ਵਿਚ ਸਥਿਤ ਕੈਨਨ ਪਾਰਕ ਇਕ ਰੁਮਾਂਚਕ ਅਨੁਭਵ ਸਿੱਧ ਹੋਵੇਗਾ। ਮਹਿਲਾਂ ਦੇ ਅੰਦਰ ਬਣੇ ਕੰਧ ਚਿੱਤਰ ਕਾਂਗੜਾ ਅਤੇ ਰਾਜਸਥਾਨੀ ਚਿੱਤਰਕਾਰੀ ਦੇ ਦੁਰਲਭ ਨਮੂਨੇ ਹਨ।

ਮੋਤੀ ਬਾਗ਼ ਮਹਿਲ

ਮੋਤੀ ਬਾਗ਼ ਮਹਿਲ ਪਟਿਆਲਾ

ਗਲਾ ਮਹਾਨ ਭਵਨ ਕਲਾ ਨਿਰਮਾਣ ਦਾ ਨਮੂਨਾ ਮੋਤੀ ਬਾਗ਼ ਮਹਿਲ ਹੈ ਜਿਸ ਦੀ ਉਸਾਰੀ ਮਹਾਰਾਜਾ ਨਰਿੰਦਰ ਸਿੰਘ ਵੱਲੋਂ ਸਾਲ 1847 ਵਿਚ 5 ਲੱਖ ਰੁਪਏ ਦੀ ਲਾਗਤ ਨਾਲ ਕਰਵਾਈ ਗਈ ਸੀ। ਜੈਪੁਰ ਦੇ ਸਵੈ ਜੈ ਸਿੰਘ ਵਾਂਗ ਹੀ ਮਹਾਰਾਜਾ ਨਰਿੰਦਰ ਸਿੰਘ ਵੀ ਇਕ ਮਹਾਨ ਨਿਰਮਾਣ ਕਰਤਾ ਸੀ। ਮੋਤੀ ਬਾਗ਼ ਮਹਿਲ ਦੀ ਵਿਉਂਤਬੰਦੀ ਲਾਹੌਰ ਤੇ ਸ਼ਾਲੀਮਾਰ ਬਾਗ਼ ਦੇ ਅਧਾਰ ਤੇ ਕੀਤੀ ਗਈ ਜਿਸ ਵਿਚ ਟੈਰਿਸ, ਜਲ ਮਾਰਗ, ਸ਼ੀਸ਼ ਮਹਿਲ ਅਤੇ ਖੂਬਸੂਰਤ ਬਗ਼ੀਚੇ ਹਨ। ਇਹ ਚਾਰ ਮੰਜ਼ਿਲਾ ਇਮਾਰਤ ਹੈ ਜਿਸ ਦੀਆਂ ਵਿਸ਼ਾਲ ਪੱਥਰ ਦੀਆਂ ਮਜਬੂਤ ਦੀਵਾਰਾਂ ਹਨ। ਮਹਿਰਾਬਦਾਰ ਪ੍ਰਵੇਸ਼ ਦੁਆਰ ਹਨ, ਜਾਲੀਦਾਰ ਅਤੇ ਨੱਕਾਸ਼ੀਦਾਰ ਜਾਲੀਆਂ ਹਨ ਅਤੇ ਉੱਪਰ ਗੁਬੰਦ ਬਣਿਆ ਹੋਇਆ ਹੈ।

ਮਹਿਲ ਦੇ ਪਿਛਲੇ ਪਾਸੇ ਇਕ ਮਨੋਰੰਜਨ ਪਾਰਕ ਬਣਿਆ ਹੋਇਆ ਹੈ ਜੋ ਬੁੱਢਿਆਂ ਅਤੇ ਜਵਾਨਾਂ ਦੋਹਾਂ ਲਈ ਹੀ ਆਕਰਸ਼ਣ ਦਾ ਕੇਂਦਰ ਹੈ। ਸ਼ੀਸ਼ ਮਹਿਲ ਦੇ ਸਾਹਮਣੇ ਇਕ ਬਹੁਤ ਵੱਡਾ ਸਰੋਵਰ ਹੈ ਜਿਸ ਦੇ ਦੋਵੇਂ ਪਾਸੇ ਮੀਨਾਰਾਂ ਹਨ। ਇਸ ਦੇ ਨਾਲ ਹੀ ਇਕ ਹਵਾ ਵਿਚ ਲਟਕਦਾ ਹੋਇਆ ਪੁਲ ਹੈ ਜਿਸ ਨੂੰ ਲਛਮਣ ਝੂਲਾ ਕਿਹਾ ਜਾਂਦਾ ਹੈ ਜੋ ਮਹਿਲ ਨੂੰ ਬਾਂਸਰ ਘਰ ਨਾਲ ਜੋੜਦਾ ਹੈ ਜਿਸ ਵਿਚ ਪ੍ਰਕ੍ਰਿਤਕ ਇਤਿਹਾਸ ਦੀ ਗੈਲਰੀ ਹੈ। ਇੱਥੇ ਫੂਸ ਨਾਲ ਭਰੇ ਹੋਏ ਜਾਨਵਰ ਅਤੇ ਪੰਛੀ ਦਿਖਾਏ ਗਏ ਹਨ। ਬਾਕੀ ਦੇ ਮਹਿਲ ਵਿਚ ਹੁਣ ਬਹੁਤ ਹੀ ਪ੍ਰਤਿਸ਼ਠਿਤ ਸੁਭਾਸ਼ ਚੰਦਰ ਬੋਸ ਰਾਸ਼ਟਰੀ ਖੇਡ ਸੰਸਥਾਨ (ਐਨ ਆਈ ਐਸ) ਬਣਿਆ ਹੋਇਆ ਹੈ।

ਸ਼ੀਸ਼ ਮਹਿਲ ਅਤੇ ਅਜਾਇਬ ਘਰ

ਮਹਾਰਾਜਾ ਨਰਿੰਦਰ ਸਿੰਘ ਸਾਹਿਤ, ਸੰਗੀਤ ਅਤੇ ਕਲਾ ਦੇ ਬਹੁਤ ਵੱਡੇ ਪ੍ਰਸ਼ੰਸਕ ਸਨ। ਉਨ੍ਹਾਂ ਨੇ ਸ਼ੀਸ਼ ਮਹਿਲ ਦੀਆਂ ਕੰਧਾਂ ਤੇ ਚਿੱਤਰਕਾਰੀ ਲਈ ਕਾਂਗੜਾ ਅਤੇ ਰਾਜਸਥਾਨ ਤੋਂ ਕਈ ਚਿੱਤਰਕਾਰਾਂ ਨੂੰ ਬੁਲਵਾਇਆ। ਉਨ੍ਹਾਂ ਦੀ ਕਲਾ ਅਤੇ ਲਿਖਤਾਂ ਵਿਚ ਕੇਸ਼ਵ, ਸੂਰਦਾਸ ਅਤੇ ਬਿਹਾਰੀ ਦੀ ਕਾਵਿ ਕਲਾ ਝਲਕਦੀ ਹੈ ਅਤੇ ਦੇਖਣ ਵਾਲੇ ਮੰਤਰ ਮੁਗਧ ਹੋ ਜਾਂਦੇ ਹਨ। ਇਨ੍ਹਾਂ ਚਿੱਤਰਾਂ ਦਾ ਵਿਸ਼ਾ-ਵਸਤੂ ਰਾਜਸਥਾਨੀ ਸ਼ੈਲੀ ਵਿਚ ਦੇਵ ਕਥਾਵਾਂ, ਪੌਰਾਣਿਕ ਕਥਾਵਾਂ, ਰਾਗ-ਰਾਗਣੀ, ਨਾਇਕ-ਨਾਇਕਾ ਅਤੇ ਬਾਰਾ-ਮਾਸਾ ਹੈ। ਇਨ੍ਹਾਂ ਕੰਧਾਂ ਅਤੇ ਦੀਵਾਰਾਂ ਉਤੇ ਬਹੁਤ ਹੀ ਸੋਹਣੀ ਫੁਲਕਾਰੀ ਉਕੇਰੀ ਹੋਈ ਹੈ। ਅੰਦਰਲੇ ਪਾਸੇ ਅਣਗਿਣਤ ਬਹੁ-ਰੰਗੀ ਛਾਇਆ ਚਿੱਤਰ ਅਤੇ ਬਹੁ-ਰੰਗੀ ਲਾਈਟਾਂ ਹਨ। ਇਸ ਅਜਾਇਬ ਘਰ ਵਿਚ 19ਵੀਂ ਸਦੀ ਦੇ ਮੱਧ ਦੇ ਲਘੂ ਚਿੱਤਰਾਂ ਦਾ ਭਰਪੂਰ ਭੰਡਾਰ ਹਨ। ਇਨ੍ਹਾਂ ਚਿੱਤਰਾਂ ਦਾ ਮਜਮੂਨ ਗੀਤ ਗੋਬਿੰਦਾ ਜਾਂ ਜੈ ਦੇਵ ਦੀ ਕਾਵਿ ਕਲਾ ਤੇ ਅਧਾਰਿਤ ਹੈ। ਕ੍ਰਿਸ਼ਨ ਲੀਲਾ ਦਰਸਾਉਣ ਵਾਲੇ ਕਾਂਗੜਾ ਚਿੱਤਰ ਬਹੁਤ ਹੀ ਪੇਸ਼ੇਵਰ ਅਤੇ ਸੰਵੇਦਨਸ਼ੀਲ ਹਨ। ਰਾਜਸਥਾਨੀ ਅਤੇ ਮੁਗ਼ਲ ਸਕੂਲਾਂ ਦੀ ਰਾਗ ਮਾਲਾ ਦਰਸਾਉਣ ਵਾਲੇ ਚਿੱਤਰ ਰਾਗਾ ਨੂੰ ਇਕ ਦ੍ਰਿਸ਼ਟੀਮਾਨ ਅਰਥ ਪ੍ਰਦਾਨ ਕਰਦੇ ਹਨ।

ਸ਼ੀਸ਼ ਮਹਿਲ ਪਟਿਆਲਾ

ਲਘੂ ਚਿੱਤਰਾਂ ਤੋਂ ਇਲਾਵਾ ਤਿਬਤੀ ਕਲਾ ਸ਼ੈਲੀ ਦੇ ਵਿਭਿੰਨ ਧਾਤੂਆਂ ਦੇ ਬੁੱਤ ਹਨ, ਪੰਜਾਬ ਦੀ ਹਾਥੀ ਦੰਦ ਦੀ ਕਲਾ ਹੈ, ਸ਼ਾਹੀ ਮੀਨਾਕਾਰੀ ਵਾਲੀ ਲੱਕੜ ਦਾ ਸ਼ਾਹੀ ਫਰਨੀਚਰ ਹੈ ਅਤੇ ਵੱਡੀ ਗਿਣਤੀ ਵਿਚ ਬਰਮਾ ਅਤੇ ਕਸ਼ਮੀਰੀ ਨੱਕਾਸ਼ੀਦਾਰ ਵਸਤਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਅਜਾਇਬ ਘਰ ਦੀ ਦੀਵਾਰ ਤੇ ਪਟਿਆਲਾ ਦੇ ਰਾਜਿਆਂ ਦੇ ਵਿਸ਼ਾਲ ਚਿੱਤਰ ਸਜੇ ਹੋਏ ਹਨ। ਕੁਝ ਦੁਰਲੱਭ ਹੱਥ ਲਿਖਤਾਂ ਵੀ ਦੇਖੀਆਂ ਜਾ ਸਕਦੀਆਂ ਹਨ। ਜਨਮ ਸਾਖੀ ਅਤੇ ਜੈਨ ਹੱਥ ਲਿਖਤਾਂ ਤੋਂ ਇਲਾਵਾ ਇਕ ਬਹੁਤ ਹੀ ਬੇਸ਼ਕੀਮਤੀ ਵਸਤੂ ਸ਼ਿਰਾਜ਼ ਦੇ ਸ਼ੇਖ ਸਦੀ ਦੁਆਰਾ ਰਚਿਤ ਗੁਲਸਿਤਾਂ-ਬੋਸਤਾਂ ਵੀ ਹੈ ਜਿਸ ਨੂੰ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਵੱਲੋਂ ਆਪਣੀ ਨਿੱਜੀ ਲਾਇਬ੍ਰੇਰੀ ਵਾਸਤੇ ਲਿਆ ਗਿਆ ਸੀ।

ਸ਼ੀਸ਼ ਮਹਿਲ ਦੀ ਮੈਡਲ ਗੈਲਰੀ ਵਿਚ ਦੁਨੀਆ ਦੇ ਮੈਡਲਾਂ ਅਤੇ ਸਨਮਾਨਾਂ ਦੀ ਸਭ ਤੋਂ ਵੱਡੀ ਗਿਣਤੀ ਪ੍ਰਦਰਸ਼ਿਤ ਕੀਤੀ ਹੋਈ ਹੈ ਜਿਨ੍ਹਾਂ ਦੀ ਸੰਖਿਆ 3200 ਹੈ। ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਸਮੁੱਚੀ ਦੁਨੀਆ ਵਿਚੋਂ ਇਕੱਠੇ ਕੀਤੇ ਗਏ ਇਨ੍ਹਾਂ ਸ਼ਾਨਦਾਰ ਮੈਡਲਾਂ ਨੂੰ ਉਨ੍ਹਾਂ ਦੇ ਪੁੱਤਰ ਮਹਾਰਾਜਾ ਯਾਦਵਿੰਦਰਾ ਸਿੰਘ ਵੱਲੋਂ ਇਸ ਬੇਸ਼ਕੀਮਤੀ ਖ਼ਜ਼ਾਨੇ ਨੂੰ ਪੰਜਾਬ ਸਰਕਾਰ ਨੂੰ ਅਜਾਇਬ ਘਰ ਤੋਹਫ਼ੇ ਵਜੋਂ ਸੌਂਪ ਦਿੱਤਾ ਗਿਆ ਸੀ। ਇਨ੍ਹਾਂ ਵਿਚ 1348 ਏ.ਡੀ. ਆਰਡਰ ਆਫ ਦ ਗਾਰਟਰ (ਇੰਗਲੈਂਡ), 1430 ਏ.ਡੀ. ਆਰਡਰ ਆਫ ਗੋਲਡਨ ਫਲੀਸ (ਆਸਟ੍ਰੀਆ), ਪੀਟਰ ਦ ਗ੍ਰੇਟ ਵੱਲੋਂ ਦ ਆਰਡਰ ਆਫ ਸੇਂਟ ਐਂਡ੍ਰਿਊਜ਼ (ਰੂਸ), 1688; ਦ ਆਰਡਰ ਆਫ ਦ ਰਾਈਜ਼ਿੰਗ ਸਨ (ਜਾਪਾਨ) ਅਤੇ ਆਰਡਰ ਆਫ ਦ ਡਬਲ ਡ੍ਰੈਗਨ (ਚੀਨ) ਅਤੇ ਦ ਆਰਡਰ ਆਫ ਦ ਵਾਈਟ ਐਲੀਫੈਂਟ (ਥਾਈਲੈਂਡ) ਸਭ ਤੋਂ ਮਹੱਤਵਪੂਰਨ ਹਨ। ਇਸ ਭੰਡਾਰ ਵਿਚ ਬੈਲਜੀਅਮ, ਡੈਨਮਾਰਕ, ਫਿਨਲੈਂਡ ਅਤੇ ਅਫਰੀਕਾ ਅਤੇ ਏਸ਼ੀਆ ਦੇ ਕਈ ਦੇਸ਼ਾਂ ਦੇ ਮੈਡਲ ਸ਼ਾਮਲ ਹਨ।

ਯੂਰਪ ਵਾਸੀਆਂ ਦੀ ਸਲਾਹ ਤੇ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਨੇ ਕੀਮਤੀ ਪੱਥਰ ਜੜੇ ਹੋਏ ਮੈਡਲ ਵੀ ਜਾਰੀ ਕੀਤੇ। ਇਨ੍ਹਾਂ ਵਿਚੋਂ ਕੁਝ ਵਿਚ ਮਹਾਰਾਜਾ ਦੇ ਲਘੂ ਚਿੱਤਰ ਮੱਧ ਵਿਚ ਬਣੇ ਹੋਏ ਹਨ। ਇਸ ਸ਼ੌਕ ਨਾਲ ਪ੍ਰੇਰਿਤ ਹੋ ਕੇ ਮਹਾਰਾਜਾ ਭੁਪਿੰਦਰ ਸਿੰਘ ਨੇ ਆਡਰਜ਼ ਅਤੇ ਡੈਕੋਰੇਸ਼ਨਜ਼ ਦੀ ਸਥਾਪਨਾ ਕੀਤੀ ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ, ਰਾਧਾ ਕ੍ਰਿਸ਼ਨ ਆਦਿ ਦੀਆਂ ਤਸਵੀਰਾਂ ਬਣੀਆਂ ਹੋਈਆਂ ਹਨ। ਇਹ ਮੈਡਲ ਧਾਤੂ ਕਲਾ ਵਿਚ ਕਈ ਦੇਸ਼ਾਂ ਦੇ ਧਰਮ, ਸਭਿਅਤਾ ਅਤੇ ਕਲਾ ਨੂੰ ਦਰਸਾਉਂਦੇ ਹਨ ਅਤੇ ਇਤਿਹਾਸ ਦਾ ਮਹਾਨ ਖ਼ਜ਼ਾਨਾ ਹਨ।

ਮੈਡਲਾਂ ਤੋਂ ਇਲਾਵਾ ਸਿੱਕਿਆਂ ਦਾ ਵੀ ਦੁਰਲੱਭ ਭੰਡਾਰ ਹੈ। ਇਸ ਮੁੱਦਰਾ ਭੰਡਾਰ ਵਿਚ 19ਵੀਂ ਸਦੀ ਦੀਆਂ ਸ਼ਾਹੀ ਰਿਆਸਤਾਂ ਵੱਲੋਂ ਜਾਰੀ ਛੇਕਾਂ ਵਾਲੇ ਸਿੱਕਿਆਂ ਦੀਆਂ ਵੀ ਕਈ ਕਿਸਮਾਂ ਹਨ। ਇਹ ਆਪਣੇ ਆਪ ਵਿਚ ਦੇਸ਼ ਦੇ ਵਪਾਰ, ਵਣਜ, ਵਿਗਿਆਨ ਅਤੇ ਧਾਤੂ ਵਿਗਿਆਨ ਨੂੰ ਦਰਸਾਉਣ ਵਾਲਾ ਇਕ ਸੰਪੂਰਨ ਮੁੱਦਰਾ ਸ਼ਾਸਤਰ ਇਤਿਹਾਸ ਹੈ।

ਸਰਕਾਰੀ ਮਹਿੰਦਰਾ ਕਾਲਜ

ਸਰਕਾਰੀ ਮਹਿੰਦਰਾ ਕਾਲਜ ਪਟਿਆਲਾ

ਮਹਾਰਾਜਾ ਮਹਿੰਦਰ ਸਿੰਘ ਆਧੁਨਿਕ ਸਿੱਖਿਆ ਦੇ ਬਹੁਤ ਵੱਡੇ ਪ੍ਰੇਮੀ ਸਨ। ਉਨ੍ਹਾਂ ਨੇ 1870 ਵਿਚ ਪਟਿਆਲਾ ਵਾਸੀਆਂ ਵਾਸਤੇ ਇਸ ਕਾਲਜ ਦੀ ਸਥਾਪਨਾ ਕੀਤੀ। ਇਸ ਦੀ ਇਮਾਰਤ ਭਵਨ ਨਿਰਮਾਣ ਕਲਾ ਦਾ ਇਕ ਅਦਭੁੱਤ ਨਮੂਨਾ ਹੈ। ਆਪਣੀ ਉੱਤਮ ਭਵਨ ਨਿਰਮਾਣ ਕਲਾ ਲਈ ਪ੍ਰਸਿੱਧ ਕਿਸੇ ਸਮੇਂ ਦਿੱਲੀ ਅਤੇ ਲਾਹੌਰ ਵਿਚਕਾਰ ਕਾਫੀ ਸਮੇਂ ਤੱਕ ਸਿੱਖਿਆ ਦਾ ਕੇਵਲ ਇਕ ਹੀ ਸਥਾਨ ਸੀ। ਉਚੇਰੀ ਸਿੱਖਿਆ ਦੇ ਇਸ ਮੁੱਖ ਅਦਾਰੇ ਵਿਚ ਸਿੱਖਿਆ ਪ੍ਰਾਪਤ ਕਰਨ ਲਈ ਗੁਆਂਢੀ ਰਾਜਾਂ ਦੇ ਨਾਲ-ਨਾਲ ਦਿੱਲੀ ਤੱਕ ਦੇ ਕਈ ਵਿਦਿਆਰਥੀ ਪਟਿਆਲੇ ਆਇਆ ਕਰਦੇ ਸਨ।

ਬਾਰਾਂਦਰੀ ਗਾਰਡਨਜ਼

ਬਾਰਾਂਦਰੀ ਗਾਰਡਨ

ਪੁਰਾਣੇ ਪਟਿਆਲੇ ਦੇ ਉੱਤਰ ਵੱਲ ਸਥਿਤ ਸ਼ੇਰਾਂ ਵਾਲੇ ਗੇਟ ਤੋਂ ਥੋੜ੍ਹਾ ਜਿਹਾ ਬਾਹਰ ਵੱਲ ਕੁੰਵਰ ਰਜਿੰਦਰ ਸਿੰਘ ਦੇ ਬਾਰਾਂਦਰੀ ਮਹਿਲ ਦੇ ਆਲੇ ਦੁਆਲੇ ਬਾਰਾਂਦਰੀ ਬਾਗ ਬਣੇ ਹੋਏ ਹਨ। ਪ੍ਰਕ੍ਰਿਤੀ ਪ੍ਰੇਮੀ ਹੋਣ ਦੇ ਨਾਤੇ ਕੁੰਵਰ ਨੇ ਇਸ ਬਗੀਚੇ ਵਿਚ ਕਈ ਦੁਰਲੱਭ ਪੌਦਿਆਂ ਦੀਆਂ ਪ੍ਰਜਾਤੀਆਂ ਮੰਗਵਾ ਕੇ ਲਗਾਈਆਂ। ਫਲਾਂ ਦੇ ਵਿਸ਼ਾਲ ਦਰੱਖਤ, ਫਰਨ ਹਾਊਸ ਅਤੇ ਰਾਕ ਗਾਰਡਨ ਉਸ ਦੀ ਇਸ ਰੁਚੀ ਦੇ ਗਵਾਹ ਹਨ। ਬਾਰਾਂਦਰੀ ਪੈਲਸ ਵਿਚ ਹੁਣ ਇਤਿਹਾਸਕ ਮਹੱਤਤਾ ਦੇ ਦੁਰਲੱਭ ਦਸਤਾਵੇਜਾਂ ਦੇ ਭੰਡਾਰ ਵਾਲਾ ਪੰਜਾਬ ਰਾਜ ਦੇ ਪੁਰਾੱਤਤਵ ਵਿਭਾਗ ਦਾ ਦਫ਼ਤਰ ਹੈ।

ਕਿਲ੍ਹਾ ਬਹਾਦਰਗੜ੍ਹ

ਕਿਲਾ ਬਹਾਦੁਰਗੜ੍ਹ ਪਟਿਆਲਾ

ਪੰਜਾਬੀ ਯੂਨੀਵਰਸਿਟੀ ਦੇ ਮੇਨ ਗੇਟ ਤੋਂ ਡੇਢ ਕੁ ਕਿਲੋਮੀਟਰ ਦੇ ਫ਼ਾਸਲੇ ਤੇ ਬਣਿਆ ਕਿਲ੍ਹਾ ਬਹਾਦਰਗੜ੍ਹ ਇਕ ਸੰਤ ਸੈਫ਼ਖਾਨ ਦੇ ਬੁਲਾਵੇ ਤੇ ਗੁਰੂ ਤੇਗ ਬਹਾਦਰ ਜੀ ਦੀ ਆਮਦ ਦੀ ਪਵਿੱਤਰ ਯਾਦ ਵਿਚ ਬਣਾਇਆ ਗਿਆ ਸੀ। ਕਿਲ੍ਹੇ ਦੀਆਂ ਚਾਰ ਦੀਵਾਰਾਂ ਪਿੰਡ ਸੈਫ਼ਾਬਾਦ ਦੇ ਆਲੇ ਦੁਆਲੇ ਹਨ ਜੋ ਰਾਜਪੁਰਾ ਪਟਿਆਲਾ ਰੋਡ ਦੇ ਖੱਬੇ ਪਾਸੇ ਸਥਿਤ ਹੈ। ਸੈਫ਼ਖਾਨ ਜੋ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦਾ ਰਿਸ਼ਤੇਦਾਰ ਸੀ, ਉਸ ਨੇ ਕਈ ਮਹੱਤਵਪੂਰਨ ਅਹੁਦਿਆਂ ਤੇ ਕੰਮ ਕਰਨ ਉਪਰੰਤ ਫਕੀਰਾਂ ਦਾ ਚੋਲਾ ਧਾਰਨ ਕਰ ਲਿਆ ਅਤੇ ਇੱਥੇ ਹੀ ਵੱਸ ਗਿਆ। ਉਸ ਦੀ ਮੌਤ ਉਪਰੰਤ ਉਸ ਨੂੰ ਇੱਥੇ ਹੀ ਦਫਨਾ ਦਿੱਤਾ ਗਿਆ। ਕਿਲ੍ਹੇ ਦੇ ਪਿੱਛੇ 177×177 ਫੁੱਟ ਦਾ ਮਕਬਰਾ ਅੱਜ ਖਸਤਾ ਹਾਲਤ ਵਿਚ ਹੈ। ਇਸ ਦੇ ਬਾਵਜੂਦ ਵੀ ਉਸ ਦੇ ਸ਼ਰਧਾਲੂ ਅੱਜ ਵੀ ਹਰ ਵੀਰਵਾਰ ਨੂੰ ਉਸ ਦੀ ਸਮਾਧ ਤੇ ਦੀਵਾ ਬਾਲਦੇ ਹਨ। ਕਿਲ੍ਹੇ ਵਿਚ ਉਕਰੀਆਂ ਦੋ ਲਿਖਤਾਂ ਗਵਾਹ ਹਨ ਕਿ ਪਿੰਡ ਅਤੇ ਮਸੀਤ ਔਰੰਗਜ਼ੇਬ ਦੀ ਸਲਤਨਤ ਦੌਰਾਨ 1668 ਵਿਚ ਹੋਂਦ ਵਿਚ ਆਏ। ਨਵਾਬ ਸੈਫ਼ ਖਾਨ ਗੁਰੂ ਤੇਗ ਬਾਹਦੁਰ ਜੀ ਦਾ ਬਹੁਤ ਵੱਡਾ ਮੁਰੀਦ ਸੀ। ਉਸ ਨੇ ਬਰਸਾਤ ਦੀ ਰੁੱਤ ਇੱਥੇ ਬਤੀਤ ਕਰਨ ਲਈ ਗੁਰੂ ਸਾਹਿਬ ਨੂੰ ਸੱਦਾ ਦਿੱਤਾ ਸੀ। ਉਨ੍ਹਾਂ ਦੀ ਆਮਦ ਦੀ ਯਾਦ ਵਿਚ ਦੋ ਗੁਰਦੁਆਰੇ ਬਣੇ ਹੋਏ ਹਨ – ਇਕ ਕਿਲ੍ਹੇ ਦੇ ਅੰਦਰ ਹੈ ਅਤੇ ਦੂਜਾ ਸੜਕ ਦੇ ਪਰਲੇ ਪਾਸੇ। ਇਹ ਪੰਜ ਬਲੀ ਗੁਰਦੁਆਰੇ ਦੇ ਨਾਂ ਨਾਲ ਪ੍ਰਸਿੱਧ ਹੈ। ਬਹਾਦਰਗੜ੍ਹ ਕਿਲ੍ਹੇ ਦੀ ਉਸਾਰੀ ਮਹਾਰਾਜਾ ਕਰਮ ਸਿੰਘ ਵੱਲੋਂ 1837-45 ਦੌਰਾਨ 10,00,000 ਰੁਪਏ ਦੀ ਲਾਗਤ ਨਾਲ ਕਰਵਾਈ ਗਈ ਸੀ। ਇਸ ਦਾ ਘੇਰਾ ਇਕ ਮੀਲ, 536 ਗਜ਼ ਅਤੇ 2 ਫ਼ੁੱਟ ਹੈ।

ਪਟਿਆਲੇ ਦੇ ਗੇਟ

  • ਦਰਸ਼ਨੀ ਗੇਟ – ਕਿਲ੍ਹਾ ਮੁਬਾਰਕ ਦਾ ਮੁੱਖ ਪ੍ਰਵੇਸ਼ ਦੁਆਰ
  • ਲਾਹੌਰੀ ਗੇਟ
  • ਨਾਭਾ ਗੇਟ
  • ਸਮਾਣੀਆ ਗੇਟ
  • ਸਰਹੰਦੀ ਗੇਟ
  • ਸਫ਼ਾਬਾਦੀ ਗੇਟ
  • ਸ਼ੇਰਾਂਵਾਲਾ ਗੇਟ
  • ਸੁਨਾਮੀ ਗੇਟ
  • ਤੋਪ ਖਾਨਾ ਗੇਟ
  • ਸਨੌਰੀ ਗੇਟ