Close

ਡੇਅਰੀ ਵਿਕਾਸ ਵਿਭਾਗ, ਪੰਜਾਬ

ਡੇਅਰੀ ਵਿਕਾਸ ਵਿਭਾਗ ਦੀ ਸਥਾਪਨਾ ਸਾਲ 1964 ਵਿਚ ਰਾਜ ਵਿਚ ਸਮੁੱਚੇ ਡੇਅਰੀ ਵਿਕਾਸ ਦੇ ਮੰਤਵ ਨਾਲ ਪਸ਼ੂ ਪਾਲਣ ਵਿਭਾਗ ਤੋਂ ਇਸ ਨੂੰ ਇੱਕ ਵੱਖਰਾ ਵਿਭਾਗ ਬਣਾ ਕੇ ਕੀਤੀ ਗਈ ਸੀ। ਜ਼ਿਲ੍ਹਾ ਪੱਧਰ ਤੇ  ਡਿਪਟੀ ਡਾਇਰੈਕਟਰ ਡੇਅਰੀ ਇਸ ਦਾ ਮੁਖੀ ਹੁੰਦਾ ਹੈ ਅਤੇ ਡੇਅਰੀ ਕਿਸਾਨਾਂ ਨੂੰ ਸਿੱਖਿਆ, ਸਿਖਲਾਈ ਅਤੇ ਵਿਸਥਾਰ ਸੇਵਾਵਾਂ ਪ੍ਰਦਾਨ ਕਰਨ ਅਤੇ ਸੰਭਾਵਿਤ ਡੇਅਰੀ ਕਿਸਾਨਾਂ ਨੂੰ ਵਿੱਤੀ ਸੰਸਥਾਵਾਂ ਤੋਂ ਕਰਜ਼ਾ ਲੈ ਕੇ ਲਘੂ ਅਤੇ ਕਮਰਸ਼ੀਅਲ ਡੇਅਰੀ ਫ਼ਾਰਮ ਲਗਾਉਣ ਵਿਚ ਸਹਾਇਤਾ ਪ੍ਰਦਾਨ ਕਰਨ ਅਤੇ ਡੇਅਰੀ ਫ਼ਾਰਮਿੰਗ ਦੀਆਂ ਅਤਿ-ਆਧੁਨਿਕ ਤਕਨੀਕਾਂ ਅਪਣਾਉਣ ਵਿਚ ਸਹਾਇਤਾ ਕਰਨ ਦਾ ਜ਼ਿੰਮਾ ਹੁੰਦਾ ਹੈ। ਜ਼ਿਲ੍ਹਾ ਮੁਖੀਆਂ ਵੱਲੋਂ ਜ਼ਿਲ੍ਹੇ ਦੇ ਵਿਭਿੰਨ ਸ਼ਹਿਰ/ਕਸਬਿਆਂ ਵਿਚ ਦੁੱਧ ਖਪਤਕਾਰ ਜਾਗਰੁਕਤਾ ਕੈਂਪ ਵੀ ਆਯੋਜਿਤ ਕਰਵਾਏ ਜਾਂਦੇ ਹਨ ਜਿਨ੍ਹਾਂ ਵਿਚ ਖਪਤਕਾਰਾਂ ਨੂੰ ਦੁੱਧ ਪਰੀਖਣ ਦੀ ਮੁਫ਼ਤ ਸੁਵਿਧਾ ਦਿੱਤੀ ਜਾਂਦੀ ਹੈ।

ਪ੍ਰਮੁੱਖ ਗਤੀਵਿਧੀਆਂ

ਸਿਖਲਾਈ ਅਤੇ ਸਿੱਖਿਆ

ਵਿਭਾਗ  ਵੱਲੋਂ ਦੋ ਨਜ਼ਦੀਕੀ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰਾਂ ਵਿਖੇ  ਡੇਅਰੀ ਕਿਸਾਨਾਂ ਦੇ ਗਿਆਨ ਅਤੇ ਸਮਰੱਥਾ ਉਸਾਰੀ ਵਿਚ ਸੁਧਾਰ ਅਤੇ ਸੰਭਾਵੀ ਡੇਅਰੀ ਕਿਸਾਨਾਂ  ਲਈ ਸਿਖਲਾਈ ਪ੍ਰੋਗਰਾਮ ਚਲਾਏ ਜਾਂਦੇ ਹਨ। ਮੁੱਖ ਸਿਖਲਾਈ ਪ੍ਰੋਗਰਾਮ ਹੇਠ ਅਨੁਸਾਰ ਹਨ :-

  • ਪਿੰਡ ਪੱਧਰੀ ਕੈਂਪ ਵਿਖੇ ਇਕ ਰੋਜ਼ਾ ਡੇਅਰੀ ਸਿਖਲਾਈ
  • 2 ਹਫ਼ਤੇ ਦਾ ਸਿਖਲਾਈ ਕੋਰਸ
  • ਐਸ.ਸੀ ਲਾਭਪਾਤਰੀਆਂ ਲਈ 2 ਹਫ਼ਤੇ ਦੀ ਡੇਅਰੀ ਸਿਖਲਾਈ
  • 6 ਹਫ਼ਤੇ ਦੀ ਉੱਦਮੀ ਡੇਅਰੀ ਸਿਖਲਾਈ

ਦੁੱਧ ਖਪਤਕਾਰ ਜਾਗਰੁਕਤਾ ਪ੍ਰੋਗਰਾਮ:

  • ਆਟੋਮੈਟਿਕ ਦੁੱਧ ਵਿਸ਼ਲੇਸ਼ਕ ਵਾਲੀਆਂ ਮੋਬਾਇਲ ਲੈਬਾਰਟ੍ਰੀਆਂ ਦੀ ਸਹਾਇਤਾ ਨਾਲ ਸ਼ਹਿਰਾਂ ਅਤੇ ਕਸਬਿਆਂ ਵਿਚ ਕੈਂਪ ਲਗਾਏ ਜਾਂਦੇ ਹਨ।
  • ਖਪਤਕਾਰਾਂ ਵੱਲੋਂ ਲਿਆਂਦੇ ਗਏ ਦੁੱਧ ਦੇ ਸੈਂਪਲਾਂ ਦਾ ਮੁਫ਼ਤ ਪਰੀਖਣ ਕੀਤਾ ਜਾਂਦਾ ਹੈ ਅਤੇ ਪਰਿਣਾਮ ਲਿਖਤੀ ਰੂਪ ਵਿਚ ਦਿੱਤੇ ਜਾਂਦੇ ਹਨ। ਇਸ ਪ੍ਰੋਗਰਾਮ ਦਾ ਮੰਤਵ ਦੁੱਧ ਖਪਤਕਾਰ ਜਾਗਰੁਕਤਾ ਦੀ ਵਰਤੋਂ ਮਿਲਾਵਟ ਖਿਲਾਫ਼ ਇਕ ਹਥਿਆਰ ਦੇ ਤੌਰ ਤੇ ਵਰਤਣਾ ਹੈ।

ਡੇਅਰੀ ਫ਼ਾਰਮਾਂ ਦੀ ਪ੍ਰਫ਼ੁੱਲਤਾ :

  • ਸੰਭਾਵੀ ਡੇਅਰੀ ਕਿਸਾਨਾਂ ਨੂੰ ਕਰਜ਼ੇ ਲੈਣ ਵਿਚ ਸਹਾਇਤਾ ਦਿੱਤੀ ਜਾਂਦੀ ਹੈ।
  • ਹਰ ਸਾਲ ਤਕਰੀਬਨ 200 ਨਵੇਂ ਡੇਅਰੀ ਯੂਨਿਟ ਲਗਾਏ ਜਾਂਦੇ ਹਨ।

ਨਵੇਂ ਪ੍ਰੋਗਰਾਮ ਆਰੰਭ ਕੀਤੇ:

  • ਡੇਅਰੀ ਫਾਰਮਿੰਗ ਦੇ ਮਸ਼ੀਨੀਕਰਨ ਨੂੰ ਪ੍ਰੋਤਸਾਹਿਤ ਕਰਨ ਹਿਤ ਸਵੈ-ਚਲਿਤ ਚਾਰਾ ਕਟਾਈ ਮਸ਼ੀਨ, ਚਾਰਾ ਹਾਰਵੈਸਟ, ਆਟੋਮੈਟਿਕ ਮਿਕਸਿੰਗ ਅਤੇ ਫੀਡਿੰਗ ਯੂਨਿਟ (ਕੁਲ ਮਿਕਸਡ ਰਾਸ਼ਨ ਵੈਗਨ), ਸਵੈ ਚਲਤ ਦੁੱਧ ਡਿਸਪੈਂਸਿੰਗ ਯੂਨਿਟ ਨੂੰ ਪ੍ਰੋਤਸਾਹਿਤ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਜਨਰਲ ਕੈਟਾਗਰੀ ਵਾਸਤੇ ਚਾਰਾ ਹਾਰਵੈਸਟਰਾਂ ਤੇ 50 ਹਜ਼ਾਰ ਰੁਪਏ ਅਤੇ ਅਨੁਸੂਚਿਤ ਜਾਤਾਂ ਦੀ ਕੈਟਾਗਰੀ ਲਈ 63 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ।

ਡੇਅਰੀ ਉਦਮ ਵਿਕਾਸ ਸਕੀਮਾਂ ਅਧੀਨ ਵਿੱਤੀ ਪ੍ਰੋਤਸਾਹਨ (ਨਬਾਰਡ)

ਕੇਂਦਰੀ ਸਰਕਾਰ ਵੱਲੋਂ ਡੇਅਰੀ ਉਦਮ ਵਿਕਾਸ ਉਤੇ ਨਬਾਰਡ ਦੀ ਇਕ ਸਕੀਮ ਆਰੰਭ ਕੀਤੀ ਗਈ ਹੈ। 1.20 ਲੱਖ ਰੁਪਏ ਤੋਂ 6 ਲੱਖ ਰੁਪਏ ਦੀ ਲਾਗਤ ਨਾਲ 2 ਤੋਂ 10 ਦੁਧਾਰੂ ਪਸ਼ੂਆਂ ਦੇ ਡੇਅਰੀ ਯੂਨਿਟ ਇਸ ਸਕੀਮ ਅਧੀਨ ਲਗਾਏ ਜਾਂਦੇ ਹਨ। ਇਸ ਸਕੀਮ ਅਧੀਨ 5.50 ਲੱਖ ਰੁਪਏ ਦੀ ਲਾਗਤ ਨਾਲ ਕ੍ਰਾਸ ਪ੍ਰਜਨਨ ਵਾਲੇ ਹੀਫਰ ਵੱਛਿਆਂ ਦਾ ਪਾਲਣ, ਦੁਧਾਰੂ ਪਸ਼ੂਆਂ ਦੀਆਂ ਉੱਚ ਨਸਲਾਂ ਅਤੇ 20 ਵੱਛਿਆਂ ਤੱਕ ਦੀਆਂ ਮੱਝਾਂ ਦੀ ਦੇਖ ਭਾਲ ਵੀ ਕੀਤੀ ਜਾਂਦੀ ਹੈ। 20  ਲੱਖ ਰੁਪਏ ਦੀ ਲਾਗਤ ਨਾਲ ਮਿਲਕਿੰਗ ਮਸ਼ੀਨਾਂ/ ਮਿਲਕ ਟੈਸਟਰ/ ਬਲਕ ਮਿਲਕ ਕੂਲਿੰਗ ਯੂਨਿਟ (5000 ਲੀਟਰ ਦੀ ਸਮਰੱਥਾ ਵਾਲੇ) ਦੀ ਖਰੀਦ ਕੀਤੀ ਗਈ। 26.50 ਲੱਖ ਰੁਪਏ ਦੀ ਲਾਗਤ ਨਾਲ ਉੱਚ ਕੋਟੀ ਦੇ ਦੁੱਧ ਉਤਪਾਦਨ ਲਈ ਡੇਅਰੀ ਪ੍ਰੋਸੈਸਿੰਗ ਮਸ਼ੀਨ ਦੀ ਖਰੀਦ ਕੀਤੀ ਗਈ। 33 ਲੱਖ ਰੁਪਏ ਦੀ ਲਾਗਤ ਨਾਲ ਦੁੱਧ ਅਤੇ ਦੁੱਧ ਉਤਪਾਦਨਾਂ ਦੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ।

ਹੋਰ ਵੇਰਵਿਆਂ ਲਈ ਸੰਪਰਕ ਕਰੋ : www.pddb.in