Close

ਇਤਿਹਾਸ

ਜਾਣ-ਪਹਿਚਾਣ

ਪਣੇ ‘ਪੈਗ’, ‘ਪੱਗੜੀ’, ‘ਪਰਾਂਦਾ’, ‘ਜੁੱਤੀ’, ਮੌਜ-ਮਸਤੀ, ਸ਼ਾਹੀ ਤਹਿਜ਼ੀਬ, ਮੁਟਿਆਰਾਂ ਦੀ ਖੂਬਸੂਰਤ ਅਤੇ ਆਕਰਸ਼ਕ ਤੋਰ ਅਤੇ ਰਈਸੀ ਲਈ ਜਾਣਿਆ ਜਾਂਦਾ ਪਟਿਆਲਾ ਸ਼ਹਿਰ ਵਿਖੇ ਆਉਣ ਵਾਲੇ ਆਮ ਮਹਿਮਾਨ ਨੂੰ ਵੀ ਜੀਵਨ ਸ਼ੈਲੀ ਦਾ ਇਕ ਖ਼ੂਬਸੂਰਤ ਰੰਗਦਾਰ ਗੁਲਦਸਤਾ ਪੇਸ਼ ਕਰਦਾ ਹੈ।ਰਾਜਪੂਤ ਮੁਗ਼ਲ ਅਤੇ ਪੰਜਾਬੀ ਸਭਿਅਤਾ ਦਾ ਇਕ ਚਮਕਦਾਰ ਇੰਦਰਧਨੁਸ਼, ਆਧੁਨਿਕਤਾ ਅਤੇ ਰਵਾਇਤ ਦਾ ਇਕ ਖੂਬਸੂਰਤ ਸੰਗਮ ਹੈ ਅਤੇ ਸੁਹੱਪਣ ਅਤੇ ਹੌਸਲੇ ਦਾ ਢੁੱਕਵਾਂ ਮੇਲ ਮਿਲ ਕੇ ਇਕ ਖੂਬਸੂਰਤ ਨਜ਼ਾਰਾ ਪੇਸ਼ ਕਰਦੇ ਹਨ ਜਿਸ ਦਾ ਨਾਮ ਹੈ ‘ਪਟਿਆਲਾ’।

ਪਟਿਆਲਾ ਜੋ ਇਕ ਸਾਬਕਾ ਸ਼ਾਹੀ ਸੂਬਾ, ਪੈਪਸੂ ਦੀ ਰਾਜਧਾਨੀ ਅਤੇ ਪੰਜਾਬ ਦਾ ਜ਼ਿਲ੍ਹਾ ਹੈਡਕੁਆਟਰ ਹੈ, ਪੰਜਾਬ ਦੇ ਮਾਲਵਾ ਇਲਾਕੇ ਵਿਚ ਸਥਿਤ ਹੈ। ਪੁਨਰ ਸੰਗਠਿਤ ਪੰਜਾਬ ਵਿਚ ਮਾਲਵਾ ਇਲਾਕੇ ਵਿਚ ਜ਼ਿਲ੍ਹਿਆਂ ਦੀ ਗਿਣਤੀ ਸਭ ਤੋਂ ਵੱਧ ਹੈ ਅਤੇ ਕੁਝ ਸ਼ਹਿਰਾਂ ਦਾ ਇਤਿਹਾਸ ਪੁਰਾਤਨ ਅਤੇ ਆਰੰਭਕ ਮੱਧਕਾਲੀ ਯੁੱਗ ਤੱਕ ਜਾਂਦਾ ਹੈ। ਤੁਲਨਾਤਮਕ ਰੂਪ ਨਾਲ ਪਟਿਆਲਾ ਇਕ ਘੱਟ ਉਮਰ ਦਾ ਸ਼ਹਿਰ ਹੈ ਜਿਸ ਦਾ ਇਤਿਹਾਸ ਦੋ ਸਦੀਆਂ ਪੁਰਾਣਾ ਹੈ।

ਬਾਬਾ ਆਲਾ ਸਿੰਘ

18ਵੀਂ ਸਦੀ ਵਿਚ ਪੰਜਾਬ ਵਿਚ ਮੁਗਲਾਂ ਦੇ ਪਤਨ ਨਾਲ ਆਏ ਰਾਜਨੀਤਿਕ ਖਲਾਅ ਨੂੰ ਸਿੱਖ ਮਿਸਲਦਾਰਾਂ ਨੇ ਮਰਾਠਿਆਂ ਅਤੇ ਅਫ਼ਗਾਨੀਆਂ ਦੇ ਇਰਾਦੇ ਨਾਕਾਮ ਕਰਦੇ ਹੋਏ ਸਫ਼ਲਤਾਪੂਰਵਕ ਭਰ ਦਿੱਤਾ। ਸਿੱਖਾਂ ਦੀਆਂ ਮਹੱਤਵਪੂਰਨ ਰਿਆਸਤਾਂ ਵਿਚੋਂ ਇਕ ਨੂੰ ਪਟਿਆਲਾ ਵਿਖੇ ਬਾਬਾ ਆਲਾ ਸਿੰਘ ਵਲੋਂ ਸਥਾਪਿਤ ਕੀਤਾ ਗਿਆ।

ਪਟਿਆਲਾ ਰਿਆਸਤ ਦੇ ਸੰਸਥਾਪਕਾਂ ਦਾ ਆਰੰਭਕ ਇਤਿਹਾਸ ਵਾਸਤਵਿਕਤਾ ਤੋਂ ਜ਼ਿਆਦਾ ਮਿੱਥ ਰਹੱਸ ਹੈ। ਪਟਿਆਲਾ, ਨਾਭਾ ਅਤੇ ਜੀਂਦ ਦੀ ਸਾਬਕਾ ਰਿਆਸਤ ਦੇ ਸ਼ਾਸਕਾਂ ਦੇ ਪੁਰਖੇ ਚੌਧਰੀ ਫੁਲ ਸਨ। ਇਹ ਸਪੱਸ਼ਟ ਹੈ ਕਿ ‘ਫੁਲਕੀਆਂ’ ਰਿਆਸਤ ਦੀ ਉਪਾਧੀ ਕਿਸੇ ਸਾਂਝੇ ਸੰਸਥਾਪਕ ਤੋਂ ਲਈ ਗਈ। ਉਸ ਦੇ ਪੁਤਰਾਂ ਵਿਚੋਂ ਇਕ, ਚੌਧਰੀ ਰਾਮ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅੰਮ੍ਰਿਤ ਛਕਾਇਆ ਗਿਆ ਸੀ ਅਤੇ ਅਸ਼ੀਰਵਾਦ ਦਿੱਤਾ ਗਿਆ ਸੀ। ਜਦੋਂ ਬੰਦਾ ਬਹਾਦਰ ਮੁਗਲਾਂ ਖਿਲਾਫ ਭਾਰੀ ਯੁੱਧ ਕਰ ਰਹੇ ਸਨ ਉਸ ਸਮੇਂ ਉਸ ਦੇ ਪੁੱਤਰ ਬਾਬਾ ਆਲਾ ਸਿੰਘ ਨੇ 1714 ਈ. ਵਿਚ ਅਗਵਾਈ ਸੰਭਾਲੀ। ਇਕ ਦੂਰ-ਦ੍ਰਿਸ਼ਟੀ ਅਤੇ ਬਹਾਦਰ ਵਿਅਕਤੀ, ਆਲਾ ਸਿੰਘ ਨੇ 30 ਪਿੰਡਾਂ ਦੀ ਨਿਗੁਣੀ ਜਿਹੀ ਜਿਮੀਂਦਾਰੀ ਵਿਚੋਂ ਇਕ ਸੁਤੰਤਰ ਰਿਆਸਤ ਖੜ੍ਹੀ ਕੀਤੀ। ਉਸ ਦੇ ਉਤਰਾਧਿਕਾਰੀਆਂ ਦੀ ਸਰਪ੍ਰਸਤੀ ਵਿਚ ਇਸ ਦਾ ਵਿਸਥਾਰ ਇਕ ਵੱਡੇ ਸੂਬੇ ਦੇ ਰੂਪ ਵਿਚ ਹੋਇਆ ਜੋ ਉੱਤਰ ਵਿਚ ਸ਼ਿਵਾਲਿਕ ਤੱਟ, ਦੱਖਣ ਵਿਚ ਰਾਜਸਥਾਨ ਤੱਟ ਅਤੇ ਜਮਨਾ ਅਤੇ ਸਤਲੁਜ ਦੇ ਉਤਲੇ ਵਹਾਵਾਂ ਨੂੰ ਛੂੰਹਦਾ ਸੀ। 18ਵੀਂ ਸਦੀ ਦੇ ਮੱਧ ਵਿਚ ਬਹੁਤ ਹੀ ਕਠਿਨ ਅਤੇ ਚੁਣੌਤੀਪੂਰਣ ਪਰਿਸਥਿਤੀਆਂ ਨਾਲ ਜੂਝਦੇ ਹੋਏ ਬਾਬਾ ਆਲਾ ਸਿੰਘ ਨੇ ਆਪਣੇ ਸਮਕਾਲੀਆਂ ਤੋਂ ਭਿੰਨ ਰੂਪ ਵਿਚ ਮੁਗਲਾਂ, ਅਫਗਾਨੀਆਂ ਅਤੇ ਮਰਾਠਿਆਂ ਨਾਲ ਨਜਿੱਠਣ ਵਿਚ ਬਹੁਤ ਹੀ ਸ਼ਾਨਦਾਰ ਬਹਾਦਰੀ ਅਤੇ ਸੂਝ-ਬੂਝ ਦਾ ਪ੍ਰਗਟਾਵਾ ਕੀਤਾ ਅਤੇ ਸਫਲਤਾਪੂਰਵਕ ਇਕ ਅਜਿਹੀ ਰਿਆਸਤ ਦੀ ਸਥਾਪਨਾ ਅਤੇ ਸਾਂਭ-ਸੰਭਾਲ ਕੀਤੀ ਜਿਸ ਨੂੰ ਉਨ੍ਹਾਂ ਨੇ ਕਿਸੇ ਸਮੇਂ ਬਰਨਾਲਾ ਤੋਂ ਥੋੜ੍ਹਾ-ਥੋੜ੍ਹਾ ਕਰਕੇ ਬਨਾਉਣਾ ਆਰੰਭ ਕੀਤਾ ਸੀ। 1763 ਈ. ਵਿਚ ਬਾਬਾ ਆਲਾ ਸਿੰਘ ਨੇ ਪਟਿਆਲੇ ਦੇ ਕਿਲ੍ਹੇ ਦਾ ਨੀਂਹ ਪੱਥਰ ਰੱਖਿਆ ਜਿਸ ਨੂੰ ਕਿਲ੍ਹਾ ਮੁਬਾਰਕ ਕਿਹਾ ਜਾਂਦਾ ਹੈ, ਜਿਸ ਦੇ ਆਲੇ ਦੁਆਲੇ ਅਜੋਕਾ ਪਟਿਆਲਾ ਸ਼ਹਿਰ ਵੱਸਿਆ ਹੋਇਆ ਹੈ।

ਕਿਲਾ ਮੁਬਾਰਕ

1761 ਈ. ਵਿਚ ਪਾਣੀਪਤ ਦੀ ਤੀਜੀ ਲੜਾਈ, ਜਿਸ ਵਿਚ ਮਰਾਠਿਆਂ ਦੀ ਹਾਰ ਹੋਈ ਸੀ, ਉਦੋਂ ਪੂਰੇ ਪੰਜਾਬ ਵਿਚ ਅਫਗਾਨੀਆਂ ਦਾ ਸਿੱਕਾ ਚੱਲਦਾ ਸੀ। ਇਹ ਉਹ ਸਮਾਂ ਸੀ ਜਦੋਂ ਪਟਿਆਲਾ ਦੇ ਸ਼ਾਸਕਾਂ ਨੇ ਸ਼ਾਹੀ ਠਾਠ-ਬਾਠ ਗ੍ਰਹਿਣ ਕਰਨੇ ਸ਼ੁਰੂ ਕੀਤੇ। ਅਹਿਮਦ ਸ਼ਾਹ ਅਬਦਾਲੀ ਨੇ ਆਲਾ ਸਿੰਘ ਦੇ ਝੰਡੇ ਅੱਗੇ ਸੀਸ ਝੁਕਾਇਆ ਅਤੇ ਆਲਾ ਸਿੰਘ ਦੀ ਮ੍ਰਿਤੂ ਉਪਰੰਤ ਉਸ ਦਾ ਪੋਤਾ ਅਮਰ ਸਿੰਘ ਉਤਰਾਧਿਕਾਰੀ ਬਣਿਆ ਅਤੇ ਉਸ ਨੂੰ ਰਾਜਾ-ਏ-ਰਾਜਗਣ ਦਾ ਖਿਤਾਬ ਮਿਲਿਆ। ਉਸ ਨੂੰ ਸਿੱਕੇ ਚਲਾਉਣ ਦੀ ਆਗਿਆ ਵੀ ਦਿੱਤੀ ਗਈ। 40 ਸਾਲ ਤੱਕ ਮੁਗਲਾਂ, ਅਫਗਾਨੀਆਂ ਅਤੇ ਮਰਾਠਿਆਂ ਨਾਲ ਲਗਾਤਾਰ ਸੰਘਰਸ਼ ਉਪਰੰਤ ਪਟਿਆਲਾ ਰਿਆਸਤ ਦੀਆਂ ਸਰਹੱਦਾਂ ਉੱਤਰ ਵਾਲੇ ਪਾਸੇ ਰਣਜੀਤ ਸਿੰਘ ਦੇ ਆਗਮਨ ਅਤੇ ਪੂਰਬ ਵੱਲ ਅੰਗਰੇਜ਼ਾਂ ਦੀ ਆਮਦ ਦੀਆਂ ਗਵਾਹ ਬਣੀਆਂ। ਬਖਸ਼ੀ ਦਾਤ ਅਤੇ ਭਰਪੂਰ ਜੀਵਨ ਜੀਊਣ ਲਈ ਅਤੇ ਸਹੀ ਸਮੇਂ ਤੇ ਸਹੀ ਨਿਰਣਾ ਲੈਂਦਿਆਂ ਪਟਿਆਲੇ ਦੇ ਰਾਜਾ ਨੇ 1808 ਵਿਚ ਰਣਜੀਤ ਸਿੰਘ ਦੀ ਖਿਲਾਫਤ ਕਰਦਿਆਂ ਅੰਗਰੇਜ਼ਾਂ ਨਾਲ ਹੱਥ ਮਿਲਾ ਲਿਆ ਅਤੇ ਭਾਰਤੀ ਉਪ-ਮਹਾਂਦੀਪ ਵਿਚ ਅੰਗਰੇਜ਼ਾਂ ਰਾਹੀਂ ਇਕ ਵਿਸ਼ਾਲ ਸਲਤਨਤ ਦੀ ਉਸਾਰੀ ਵਿਚ ਭਾਗੀਦਾਰ ਬਣ ਗਿਆ। ਅੰਗਰੇਜ਼ਾਂ ਵੱਲੋਂ ਪਟਿਆਲਾ ਦੇ ਹੁਕਮਰਾਨਾਂ ਜਿਵੇਂ ਕਿ ਕਰਮ ਸਿੰਘ, ਨਰਿੰਦਰ ਸਿੰਘ, ਮਹਿੰਦਰ ਸਿੰਘ, ਰਾਜਿੰਦਰ ਸਿੰਘ, ਭੁਪਿੰਦਰ ਸਿੰਘ ਅਤੇ ਯਾਦਵਿੰਦਰ ਸਿੰਘ ਨਾਲ ਸਨਮਾਨਜਕ ਅਤੇ ਸਤਿਕਾਰ ਵਾਲਾ ਵਿਵਹਾਰ ਕੀਤਾ ਜਾਂਦਾ ਸੀ।

ਮਹਾਰਾਜਾ ਭੁਪਿੰਦਰ ਸਿੰਘ

ਇਹ ਮਹਾਰਾਜਾ ਭੁਪਿੰਦਰ ਸਿੰਘ (1900-1930) ਸਨ ਜਿਨ੍ਹਾਂ ਨੇ ਪਟਿਆਲੇ ਨੂੰ ਭਾਰਤ ਦੇ ਸਿਆਸੀ ਨਕਸ਼ੇ ਵਿਚ ਅਤੇ ਅੰਤਰਰਾਸ਼ਟਰੀ ਖੇਡਾਂ ਵਿਚ ਇਕ ਮਹੱਤਵਪੂਰਨ ਸਥਾਨ ਦਿਵਾਇਆ। ਉਨ੍ਹਾਂ ਦੇ ਰਾਜ ਦੌਰਾਨ ਬਹੁਤ ਹੀ ਸ਼ਾਨਦਾਰ ਭਵਨ ਨਿਰਮਾਣ ਕਲਾ ਵਾਲੀਆਂ ਜ਼ਿਆਦਾਤਰ ਇਮਾਰਤਾਂ ਦੀ ਉਸਾਰੀ ਹੋਈ। ਉਨ੍ਹਾਂ ਦੇ ਪੁੱਤਰ ਯਾਦਵਿੰਦਰ ਸਿੰਘ ਭਾਰਤ ਦੇ ਉਨ੍ਹਾਂ ਰਾਜਕੁਮਾਰਾਂ ਵਿਚੋਂ ਇਕ ਸਨ ਜਿਨ੍ਹਾਂ ਨੇ ਸਹਿਮਤੀ ਇਕਰਾਰਨਾਮੇ ਤੇ ਹਸਤਾਖਰ ਕੀਤੇ ਅਤੇ ਰਾਸ਼ਟਰੀ ਅਖੰਡਤਾ ਦੀ ਪ੍ਰਕ੍ਰਿਆ ਨੂੰ ਸੁਖਾਲਾ ਬਣਾਇਆ। ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਨਵੀਂ ਸਥਾਪਿਤ ਰਿਆਸਤ ਪੈਪਸੂ ਰਾਜ ਦਾ ਪ੍ਰਮੁੱਖ ਬਣਾਇਆ ਗਿਆ। ਭਾਰਤ ਦੇ ਈਰਖਾਪੂਰਣ ਅਤੇ ਕਪਟੀ ਸੁਭਾਅ ਦੇ ਰਾਜਕੁਮਾਰਾਂ ਦੀਆਂ ਸਾਜਿਸ਼ਾਂ ਅਤੇ ਪੈਂਤਰੇਬਾਜ਼ੀਆਂ ਦੇ ਖਿਲਾਫ ਮਹਾਰਾਜਾ ਦੀ ਲੜਾਈ ਦੀ ਸਿਫ਼ਤ ਕਰਦਿਆਂ ਤੱਤਕਾਲੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮਾਮਲੇ ਮੰਤ੍ਰਾਲਿਆ ਦੇ ਇੰਚਾਰਜ ਸਰਦਾਰ ਵੱਲਭ ਭਾਈ ਪਟੇਲ ਨੇ ਕਿਹਾ : ‘ਮੈਂ ਪਰਮ ਸਤਿਕਾਰਯੋਗ ਮਹਾਰਾਜਾ ਪਟਿਆਲਾ ਵਲੋਂ ਭਾਰਤ ਦੀ ਏਕਤਾ ਅਤੇ ਅਖੰਡਤਾ ਵਿਚ ਪਾਏ ਗਏ ਜ਼ਿਕਰਯੋਗ ਯੋਗਦਾਨ ਦੀ ਗੱਲ ਜ਼ਰੂਰ ਕਰਨਾ ਚਾਹਾਂਗਾ। ਉਨ੍ਹਾਂ ਨੇ ਦੇਸ਼ ਬਾਰੇ ਉਸ ਸਮੇਂ ਸੋਚਿਆ ਜਦੋਂ ਸ਼ਾਹੀ ਵਰਗ ਵਿਚੋਂ ਬਹੁਤ ਹੀ ਥੋੜ੍ਹੇ ਜਿਹੇ ਸਾਥੀ ਸਨ ਅਤੇ ਜਿਸ ਸਮੇਂ ਭਾਰਤ ਦੇ ਟੁਕੜੇ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਹ ਉਨ੍ਹਾਂ ਦੀ ਦੇਸ਼-ਭਗਤੀ ਪੂਰਣ ਅਗਵਾਈ ਸੀ ਜਿਸ ਨੇ ਭਾਰਤੀ ਸੱਤਾ ਵਿਚ ਸਹਿਮਤੀ ਦੀ ਸਮੱਸਿਆ ਪ੍ਰਤੀ ਰਾਜਕੁਮਾਰਾਂ ਦੇ ਦ੍ਰਿਸ਼ਟੀਕੋਣ ਨੂੰ ਬਦਲਣ ਵਿਚ ਇਕ ਵੱਡਾ ਯੋਗਦਾਨ ਪਾਇਆ।

ਹਾਲਾਂਕਿ ਇਤਿਹਾਸਕਾਰਾਂ ਨੇ ਪਟਿਆਲਾ ਦੇ ਮੂਲ (ਜਿਥੋਂ ਤੱਕ ਨਾਮ ਦਾ ਸਬੰਧ ਹੈ) ਨੂੰ ਰਿਗਵੈਦਿਕ ਸਾਹਿਤ ਤੱਕ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਪਰ ਹੁਣ ਵੀ ਇਹੀ ਕਿਹਾ ਜਾਂਦਾ ਹੈ ਕਿ ਇਸ ਦੇ ਸੰਸਥਾਪਕ ਆਲਾ ਸਿੰਘ ਸਨ ਜਿਨ੍ਹਾਂ ਨੇ ਸਾਲ 1763 ਵਿਚ ਕਿਲ੍ਹਾ ਮੁਬਾਰਕ ਦੀ ਉਸਾਰੀ ਕੀਤੀ। ਸ਼ਹਿਰ ਦੀ ਵਿਉਂਤ ਨੂੰ ਵੇਖ ਕੇ ਇੰਜ ਲੱਗਦਾ ਹੈ ਜਿਵੇਂ ਇਸ ਦੀ ਉਸਾਰੀ ਇਕ ਮੰਦਰ ਦੀ ਰੂਪ ਰੇਖਾ ਅਨੁਸਾਰ ਕੀਤੀ ਗਈ ਹੋਵੇ। ਸ਼ਹਿਰ ਦੇ ਵਿਚੋਂ ਵਿਚ ਰਾਜਾ ਦਾ ਸਿੰਘਾਸਨ ਠੀਕ ਉਵੇਂ ਹੀ ਸੀ ਜਿਵੇਂ ਕਿਸੇ ਦੇਵਤਾ ਦਾ ਸਥਾਨ ਹੁੰਦਾ ਹੈ ਅਤੇ ਇਸ ਦੇ ਆਲੇ ਦੁਆਲੇ ਰਿਹਾਇਸ਼ੀ ਇਲਾਕਾ ਸਮੁਦਾਇਆਂ ਦੇ ਰੁਤਬੇ ਅਨੁਸਾਰ ਵਸਿਆ।ਕਿਲ੍ਹਾ ਮੁਬਾਰਕ ਦੇ ਨਜ਼ਦੀਕ ਵਜ਼ੀਰਾਂ ਦੀਆਂ ਵੱਡੀਆਂ ਹਵੇਲੀਆਂ ਦੇ ਨਾਲ ਨਾਲ ਖਤਰੀਆਂ, ਅਰੋੜਿਆਂ, ਬਾਣੀਆ ਦੇ ਮੁਹੱਲੇ ਸਨ। ਪਟਿਆਲਾ ਵਿਚ ਸਭ ਤੋਂ ਪਹਿਲਾਂ ਵੱਸਣ ਵਾਲੇ ਲੋਕ ਸਰਹੰਦ ਦੇ ਹਿੰਦੂ ਸਨ ਜਿਨ੍ਹਾਂ ਨੇ ਦਰਸ਼ਨੀ ਗੇਟ ਤੋਂ ਬਾਹਰ ਆਪਣੇ ਵਪਾਰਕ ਅਦਾਰੇ ਬਣਾਏ।ਨੀਵੀਂ ਜਾਤ ਵਾਲੇ ਪਟਿਆਲੇ ਸ਼ਹਿਰ ਦੇ ਗੌਣ ਇਲਾਕਿਆਂ ਵਿਚ ਵਸ ਗਏ ਜਿਨ੍ਹਾਂ ਨੂੰ ਹੁਣ ਚੂੜ ਮਾਜਰੀਆਂ ਕਿਹਾ ਜਾਂਦਾ ਹੈ। ਬਾਕੀ ਮੱਧਕਾਲੀ ਸ਼ਹਿਰਾਂ ਵਾਂਗ ਹੀ ਨਰਤਕੀਆਂ ਦਾ ਵੱਖਰਾ ਇਲਾਕਾ ਹੋਇਆ ਕਰਦਾ ਸੀ। ਪਟਿਆਲੇ ਵਿਚ ਇਹ ਇਲਾਕਾ ਧਰਮਪੁਰਾ ਬਜ਼ਾਰ ਸੀ ਜਿਥੇ ਸ਼ਾਸ਼ਕ ਵਰਗ ਦੇ ਲੋਕ ਅਕਸਰ ਆਇਆ ਕਰਦੇ ਸੀ। 19ਵੀਂ ਸਦੀ ਦੇ ਅੰਤ ਵਿਚ ਸ਼ਾਸ਼ਕ ਵਰਗ ਨੂੰ ਤੋਹਫੇ ਵਿਚ ਵੱਡੀਆਂ ਜਗੀਰਾਂ ਦਿੱਤੀਆਂ ਗਈਆਂ ਜਿਸ ਨਾਲ ਉਹ ਰਈਸ ਬਣ ਗਏ ਅਤੇ ਹਰੇ ਭਰੇ ਮੈਦਾਨਾਂ ਵਾਲੀਆਂ ਵੱਡੀਆਂ ਹਵੇਲੀਆਂ ਬਣਾਉਣੀਆਂ ਆਰੰਭ ਕਰ ਦਿੱਤੀਆਂ। ਕੁਝ ਇਮਾਰਤਾਂ ਭਾਵੇਂ ਉਨ੍ਹਾਂ ਦੀ ਹਾਲਤ ਖਸਤਾ ਹੈ ਪਰ ਉਸ ਸਮੇਂ ਦੇ ਜਗੀਰਦਾਰੀ ਸ਼ਾਨ ਦੀਆਂ ਮੁੱਖ ਗਵਾਹ ਹਨ। ਮਹਾਰਾਜਾ ਨਰਿੰਦਰ ਸਿੰਘ (1845-1862) ਨੇ ਸ਼ਹਿਰ ਦੇ ਆਲੇ ਦੁਆਲੇ ਦੀਵਾਰਾਂ ਅਤੇ 10 ਗੇਟ ਬਣਾ ਕੇ ਸ਼ਹਿਰ ਦੀ ਕਿਲ੍ਹੇਬੰਦੀ ਕਰ ਦਿੱਤੀ। ਇਨ੍ਹਾਂ ਵਿਚੋਂ ਕੁਝ ਗੇਟ ਟਰੈਫਿਕ ਦੀ ਸਹੂਲਤ ਦੇਖਦੇ ਹੋਏ ਹੁਣ ਢਾਹ ਦਿੱਤੇ ਗਏ ਹਨ। ਚਾਰਦੀਵਾਰੀ ਦੇ ਅੰਦਰਲੇ ਪਾਸੇ ਨਿਵਾਸੀਆਂ ਤੋਂ ਇਲਾਵਾ ਮੰਡੀਆਂ ਅਤੇ ਬਜ਼ਰ ਹਨ ਅਤੇ ਕੋਈ ਵੀ ਆਉਣ ਵਾਲਾ, ਜਿਸ ਦੀ ਜੇਬ ਵਿਚ ਥੋੜ੍ਹੀ ਬਹੁਤ ਵੀ ਰਕਮ ਹੋਵੇ, ਇਥੇ ਜਾ ਕੇ ਕਢਾਈਦਾਰ ਜੁੱਤੀ ਅਤੇ ਫੁਲਕਾਰੀ ਵਰਗੀਆਂ ਕਲਾਤਮਕ ਅਤੇ ਖੂਬਸੂਰਤ ਪ੍ਰਸਿੱਧ ਰਵਾਇਤੀ ਵਸਤਾਂ ਖਰੀਦ ਸਕਦਾ ਹੈ।